ਭਾਰਤ ਖਿਲਾਫ ਜ਼ਹਿਰ ਉਗਲਣ ਵਾਲੇ ਸਾਰੇ ਖਾਲਿਸਤਾਨੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ : ਕਮਲ ਸਰੋਜ
* ਲੰਡਾ ਦੀ 4 ਕਿੱਲੇ ਜ਼ਮੀਨ ਜਬਤ ਕਰਨ ਦਾ ਕੀਤਾ ਸਵਾਗਤ
ਫਗਵਾੜਾ 26 ਅਗਸਤ ( DD PUNJAB ) ਭਾਰਤੀ ਜਾਂਚ ਏਜੰਸੀ ਐਨ.ਆਈ.ਏ. ਵਲੋਂ ਭਗੌੜੇ ਖਾਲਿਸਤਾਨੀ ਅੱਤਵਾਦੀ ਲਖਬੀਰ ਸਿੰਘ ਲੰਡਾ ਦੀ ਤਰਨਤਾਰਨ ‘ਚ 4 ਏਕੜ ਜ਼ਮੀਨ ਜ਼ਬਤ ਕਰ ਲਏ ਜਾਣ ਦਾ ਸਵਾਗਤ ਕਰਦਿਆਂ ਸ਼ਿਵ ਸੈਨਾ (ਉਧਵ ਧੜੇ) ਦੇ ਸੂਬਾ ਪ੍ਰੈਸ ਸਕੱਤਰ ਕਮਲ ਸਰੋਜ ਨੇ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਵਿਦੇਸ਼ਾਂ ਵਿਚ ਬੈਠ ਕੇ ਭਾਰਤ ਵਿਰੋਧੀ ਗਤੀਵਿਧੀਆਂ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ ਖਾਲਿਸਤਾਨੀ ਅੱਤਵਾਦੀਆਂ ’ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਭਾਰਤ ਸਰਕਾਰ ਤੋਂ ਅਜਿਹੀ ਕਾਰਵਾਈ ਅੱਗੇ ਜਾਰੀ ਰੱਖਣ ਅਤੇ ਵਿਦੇਸ਼ਾਂ ਵਿੱਚ ਭਾਰਤੀ ਤਿਰੰਗੇ ਦਾ ਅਪਮਾਨ ਕਰਨ ਵਾਲੇ ਸਮੂਹ ਅਨਸਰਾਂ ਦੀਆਂ ਜਾਇਦਾਦਾਂ ਜ਼ਬਤ ਕਰਨ ਦੀ ਮੰਗ ਵੀ ਕੀਤੀ ਹੈ। ਸ਼ਿਵ ਸੈਨਾ ਆਗੂ ਨੇ ਕਿਹਾ ਕਿ ਸ਼ਿਵ ਸੈਨਾ ਰਾਸ਼ਟਰਵਾਦੀ ਸੰਗਠਨ ਹੈ। ਜੋ ਲੋਕ ਪੰਜਾਬ ਸਮੇਤ ਭਾਰਤ ਦੇ ਕਿਸੇ ਵੀ ਹਿੱਸੇ ਨੂੰ ਦੇਸ਼ ਨਾਲੋਂ ਵੱਖ ਕਰਨ ਦਾ ਇਰਾਦਾ ਰੱਖਦੇ ਹਨ, ਉਨ੍ਹਾਂ ਵਿਰੁੱਧ ਸ਼ਿਵ ਸੈਨਾ ਨੇ ਹਮੇਸ਼ਾ ਹੀ ਜ਼ੋਰਦਾਰ ਆਵਾਜ਼ ਉਠਾਈ ਹੈ। ਪਿਛਲੇ ਕੁਝ ਸਾਲਾਂ ਤੋਂ ਵਿਦੇਸ਼ਾਂ ਵਿਚ ਬੈਠੇ ਭਗੌੜੇ ਖਾਲਿਸਤਾਨੀਆਂ ਦੀਆਂ ਸਰਗਰਮੀਆਂ ਬਹੁਤ ਵਧ ਗਈਆਂ ਹਨ। ਉਹ ਮਹਿਸੂਸ ਕਰਦੇ ਹਨ ਕਿ ਭਾਰਤੀ ਕਾਨੂੰਨ ਦੀ ਪਕੜ ਉਨ੍ਹਾਂ ਤੱਕ ਨਹੀਂ ਪਹੁੰਚ ਸਕਦੀ, ਇਸ ਲਈ ਕਦੇ ਉਹ ਰਾਸ਼ਟਰੀ ਤਿਰੰਗੇ ਦਾ ਨਿਰਾਦਰ ਕਰਦੇ ਹਨ ਅਤੇ ਕਦੇ ਹਿੰਦੂ ਧਰਮ ਦੇ ਮੰਦਿਰਾਂ ਦੀ ਭੰਨਤੋੜ ਕਰਦੇ ਹਨ। ਮੰਦਿਰਾਂ ਦੀਆਂ ਕੰਧਾਂ ’ਤੇ ਖਾਲਿਸਤਾਨੀ ਨਾਅਰੇ ਲਿਖ ਕੇ ਭਾਰਤ ਵਿਰੁੱਧ ਜ਼ਹਿਰ ਉਗਲਿਆ ਜਾ ਰਿਹਾ ਹੈ। ਅਜਿਹੇ ਅਨਸਰਾਂ ਨੂੰ ਸਬਕ ਸਿਖਾਉਣਾ ਜ਼ਰੂਰੀ ਹੋ ਗਿਆ ਹੈ, ਇਸ ਲਈ ਸ਼ਿਵ ਸੈਨਾ ਦੇਸ਼ ਦੇ ਹਿੱਤ ਵਿੱਚ ਵੱਖਵਾਦੀ ਤਾਕਤਾਂ ਵਿਰੁੱਧ ਕੇਂਦਰ ਦੀ ਹਰ ਕਾਰਵਾਈ ਦਾ ਸਮਰਥਨ ਕਰਦੀ ਹੈ।