ਪ੍ਰਾਪਰਟੀਆਂ ਨੂੰ ਨਿਲਾਮ ਕਰਨ ਦੀ ਕਾਰਵਾਈ ਛੇਤੀ ਆਰੰਭੀ ਜਾਵੇਗੀ: ਐਸ.ਡੀ.ਐਮ.
ਫਗਵਾੜਾ, 21 ਅਗਸਤ: ਸਥਾਨਕ ਤਹਿਸੀਲ ਦਫਤਰ ਵਲੋਂ ਅੱਜ ਵਾਹਦ ਸੰਧਰ ਸ਼ੂਗਰ ਮਿੱਲਜ਼ ਨੂੰ ਨੋਟਿਸ ਜਾਰੀ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਦੇ ਹੁਕਮਾਂ ਤਹਿਤ ਮਿੱਲ ਦੀਆਂ ਅਟੈਚ ਕੀਤੀਆਂ ਪ੍ਰਾਪਰਟੀਆਂ ਨੂੰ ਜਲਦ ਤੋਂ ਜਲਦ ਖਾਲੀ ਕਰਨ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਐਸ.ਡੀ.ਐਮ. ਜੈ ਇੰਦਰ ਸਿੰਘ ਨੇ ਦੱਸਿਆ ਕਿ ਮਿੱਲ ਵਲੋਂ ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਦੇ ਕਰੀਬ 40 ਕਰੋੜ ਰੁਪਏ ਦੀ ਅਦਾਇਗੀ ਅਜੇ ਤੱਕ ਨਹੀਂ ਕੀਤੀ ਗਈ, ਜਿਸ ਦਾ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਿੱਲ ਦੀਆਂ ਪ੍ਰਾਪਰਟੀਆਂ ਜਿਸ ਵਿੱਚ ਵਾਹਦ ਸੰਧਰ ਸ਼ੂਗਰ ਮਿੱਲ, ਫਗਵਾੜਾ ਗਰਬੀ 10 ਕਨਾਲ 12 ਮਰਲੇ ਅਤੇ ਬਲਬੀਰ ਕੌਰ ਪਤਨੀ ਸੁਖਵੀਰ ਸਿੰਘ ਦੀ ਮਾਲਕੀ ਵਾਲੀ 7 ਕਨਾਲ 6 ਮਰਲੇ ਜਿਸ ਵਿਚ ਕੋਠੀ ਵੀ ਬਣੀ ਹੋਈ ਹੈ, ਨੂੰ ਜਲਦ ਖਾਲੀ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਨੂੰ ਨਿਲਾਮ ਕਰਨ ਦੀ ਕਾਰਵਾਈ ਜਲਦ ਆਰੰਭੀ ਜਾ ਰਹੀ ਹੈ ਅਤੇ ਇਨ੍ਹਾਂ ਨੂੰ ਖਾਲੀ ਨਾ ਕਰਨ ਦੀ ਸੂਰਤ ਵਿਚ ਹੋਏ ਨੁਕਸਾਨ ਦੀ ਜਿੰਮੇਵਾਰੀ ਮਾਲਕਾਂ ਦੀ ਹੋਵੇਗੀ।