ਫਗਵਾੜਾ 11 ਅਗਸਤ ( DD PUNJAB ) ਫਗਵਾੜਾ ਵਿਖੇ ਭਾਜਪਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਵਲੋਂ ਨਗਰ ਨਿਗਮ ਦੇ ਕੰਮਕਾਜ ਅਤੇ ਖਾਸ ਤੌਰ ਤੇ ਨਿਗਮ ਕਮਿਸ਼ਨਰ ਡਾ. ਨਯਨ ਜੱਸਲ ਦੀ ਕਾਰਗੁਜਾਰੀ ਨੂੰ ਲੈ ਕੇ ਰੋਜਾਨਾ ਕੀਤੀ ਜਾ ਰਹੀ ਬਿਆਨਬਾਜੀ ਦੇ ਜਵਾਬ ‘ਚ ਲੋਕ ਇਨਸਾਫ਼ ਪਾਰਟੀ ਨੂੰ ਜਲੰਧਰ ਲੋਕਸਭਾ ਜਿਮਨੀ ਚੋਣ ਸਮੇਂ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਆਗੂ ਜਰਨੈਲ ਨੰਗਲ ਵਲੋਂ ਦੋ ਵਾਰ ਪ੍ਰੈਸ ਕਾਨਫਰੰਸ ਕਰਕੇ ਖੋਸਲਾ ਨੂੰ ਘੇਰਣ ਦੀ ਕੋਸ਼ਿਸ਼ ਤੋਂ ਬਾਅਦ ਸਾਬਕਾ ਮੇਅਰ ਨੇ ਇਸ ਵਾਰ ਆਪਣੇ ਤਿੱਖੇ ਸ਼ਬਦਾਂ ਦੇ ਤੀਰ ਦਾ ਰੁੱਖ ਜਰਨੈਲ ਨੰਗਲ ਵੱਲ ਕਰਦਿਆਂ ਸਲਾਹ ਦਿੱਤੀ ਕਿ ਦੂਜਿਆਂ ਦੇ ਦਰਦ ਦੀ ਚਿੰਤਾ ਛੱਡ ਕੇ ਨੰਗਲ ਨੂੰ ਆਪਣੇ ਰੋਗ ਦਾ ਇਲਾਜ ਕਰਨਾ ਚਾਹੀਦਾ ਹੈ। ਕਿਉਂਕਿ ਜੇਕਰ ਉਹ ਆਪਣੀ ਬਿਮਾਰ ਸਿਆਸੀ ਵਿਚਾਰਧਾਰਾ ਨੂੰ ਦਰੁੱਸਤ ਕਰੇ ਤਾਂ ਉਸ ਨੂੰ ਵੋਟਰਾਂ ਦੇ ਪਿਆਰ ਅਤੇ ਪਾਰਟੀਆਂ ਦੇ ਸਤਿਕਾਰ ਲਈ ਤਰਸਣਾ ਨਹੀਂ ਪਵੇਗਾ। ਖੋਸਲਾ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਜਰਨੈਲ ਨੰਗਲ ਪਹਿਲਾਂ ਬਸਪਾ, ਫਿਰ ਕਾਂਗਰਸ ਤੇ ਉਸ ਤੋਂ ਬਾਅਦ ਲੋਕ ਇਨਸਾਫ਼ ਪਾਰਟੀ ਵਿਚ ਰਹੇ ਪਰ ਕਿਸੇ ਨੇ ਨਹੀਂ ਝੱਲਿਆ। ਅਖੀਰ ਹੁਣ ਉਹ ਆਮ ਆਦਮੀ ਪਾਰਟੀ ਵਿੱਚ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਇਸ ਧਿਰ ਵਿਚ ਤਾਂ ਪਹਿਲਾਂ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਸਾਰੇ ਆਗੂ ਹਨ। ਸਾਬਕਾ ਮੇਅਰ ਨੇ ਨੰਗਲ ਨੂੰ ਯਾਦ ਕਰਵਾਇਆ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਕੁੱਲ 1 ਲੱਖ 27 ਹਜ਼ਾਰ 964 ਵੋਟਾਂ ਵਿਚੋਂ ਜੋ 3 ਹਜ਼ਾਰ 645 ਵੋਟਾਂ ਨਸੀਬ ਹੋਈਆਂ ਉਹ ਰੇਹੜੀ-ਫੜੀ ਵਾਲੇ ਗਰੀਬ ਲੋਕਾਂ ਦੀਆਂ ਵੋਟਾਂ ਸਨ, ਜਿਨ੍ਹਾਂ ਤੋਂ ਹੁਣ ਮੂੰਹ ਮੋੜ ਕੇ ਉਹ ਪ੍ਰਸ਼ਾਸਨ ਦੀ ਗੋਦੀ ਵਿਚ ਜਾ ਬੈਠੇ ਹਨ। ਜੇਕਰ ਇਨ੍ਹਾਂ ਰੇਹੜੀ-ਫੜੀ ਵਾਲਿਆਂ ਨੇ ਵੀ ਜਰਨੈਲ ਨੰਗਲ ਤੋਂ ਮੂੰਹ ਮੋੜ ਲਿਆ ਤਾਂ ਅਗਲੀਆਂ ਚੋਣਾਂ ਵਿੱਚ 45 ਵੋਟਾਂ ਵੀ ਨਹੀਂ ਮਿਲਣੀਆਂ। ਖੋਸਲਾ ਨੇ ਕਿਹਾ ਕਿ ਉਹ ਸ਼ੁਰੂ ਤੋਂ ਭਾਜਪਾ ਦੇ ਸਿਪਾਹੀ ਹਨ ਅਤੇ ਆਪਣੇ ਆਖਰੀ ਸਾਹ ਤੱਕ ਇਸ ਪਾਰਟੀ ਵਿੱਚ ਰਹਿ ਕੇ ਗਰੀਬਾਂ ਦੀ ਆਵਾਜ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਉਣ ਦਾ ਯਤਨ ਜਾਰੀ ਰੱਖਣਗੇ। ਕਿਉਂਕਿ ਇਸ ਜਨਤਾ ਨੇ ਉਨ੍ਹਾਂ ਨੂੰ ਕਈ ਵਾਰ ਕੌਂਸਲਰ ਅਤੇ ਪਿਛਲੀ ਵਾਰ ਸ਼ਹਿਰ ਦਾ ਮੇਅਰ ਬਣਾਇਆ ਹੈ। ਉਨ੍ਹਾਂ ਜਰਨੈਲ ਨੰਗਲ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਉਹ ਵਿਧਾਇਕ ਬਣਨ ਦਾ ਸੁਪਨਾ ਛੱਡ ਕੇ ਆਉਣ ਵਾਲੀਆਂ ਨਿਗਮ ਚੋਣਾਂ ਵਿੱਚ ਉਨ੍ਹਾਂ ਦੇ ਮੁਕਾਬਲੇ ਚੋਣ ਲੜਨ ਤਾਂ ਜੋ ਇਹ ਤਾਂ ਪਤਾ ਲੱਗੇ ਕਿ ਜਨਤਾ ਨੂੰ ਗਰੀਬਾਂ ਦੀ ਆਵਾਜ਼ ਅਰੁਣ ਖੋਸਲਾ ਸਵੀਕਾਰ ਹੈ ਜਾਂ ਫਿਰ ਨਿਜੀ ਹਿਤਾਂ ਲਈ ਪ੍ਰਸ਼ਾਸਨ ਦੀ ਕਠਪੁਤਲੀ ਬਣ ਚੁੱਕਾ ਜਰਨੈਲ ਨੰਗਲ।
ਤਸਵੀਰ: ਅਰੁਣ ਖੋਸਲਾ।