ਫਗਵਾੜਾ ਦੇ ਸਰਕਾਰੀ ਵਿਭਾਗਾਂ ‘ਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਨੱਥ ਪਾਵੇ ਭਗਵੰਤ ਮਾਨ ਸਰਕਾਰ – ਨਿਤਿਨ ਚੱਢਾ
* ਮੁੱਖ ਮੰਤਰੀ ਵਲੋਂ ਜਾਰੀ ਵਾਟਸਐਪ ਨੰਬਰ ਤੇ ਪੋਸਟ ਕੀਤੀ ਸ਼ਿਕਾਇਤ
* ਡਾਇਰੈਕਟਰ ਵਿਜੀਲੈਂਸ ਤੇ ਪੀ.ਐਮ.ਓ. ਨੂੰ ਵੀ ਭੇਜੀ ਕਾਪੀ
ਫਗਵਾੜਾ 9 ਅਗਸਤ ( DD PUNJAB ) ਮੁੱਖ ਮੰਤਰੀ ਪੰਜਾਬ ਵਲੋਂ ਜਾਰੀ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਸਬੰਧੀ ਵਾਟਸਐਪ ਨੰਬਰ ਉੱਪਰ ਅੱਜ ਭਾਜਪਾ ਜਿਲ੍ਹਾ ਕਪੂਰਥਲਾ ਦੇ ਜਿਲ੍ਹਾ ਸਕੱਤਰ ਨਿਤਿਨ ਚੱਢਾ ਨੇ ਫਗਵਾੜਾ ਸਬ-ਡਵੀਜਨ ਦੇ ਸਰਕਾਰੀ ਵਿਭਾਗਾਂ ‘ਚ ਹੋ ਰਹੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਅਤੇ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਪੱਤਰ ਪੋਸਟ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਤਿਨ ਚੱਢਾ ਨੇ ਦੱਸਿਆ ਕਿ ‘ਆਪ’ ਪਾਰਟੀ ਨੇ ਭ੍ਰਿਸ਼ਟਾਚਾਰ ਨੂੰ ਮੁੱਖ ਮੁੱਦਾ ਬਣਾ ਕੇ ਪੰਜਾਬ ਵਿਧਾਨਸਭਾ ਚੋਣਾ ਲੜੀਆਂ ਸਨ। ਜਦੋਂ ਆਪ ਦੀ ਸਰਕਾਰ ਬਣੀ ਤਾਂ ਸਰਕਾਰੀ ਵਿਭਾਗਾਂ ‘ਚ ਤਾਇਨਾਤ ਭ੍ਰਿਸ਼ਟ ਅਧਿਕਾਰੀਆਂ ਅਤੇ ਕ੍ਰਮਚਾਰੀਆਂ ਵਿਚ ਭੈਅ ਵੀ ਦਿਖਾਈ ਦਿੱਤਾ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਫਗਵਾੜਾ ਸਬ-ਡਵੀਜਨ ਦੇ ਸਰਕਾਰੀ ਵਿਭਾਗਾਂ ‘ਚ ਹੁਣ ਵੀ ਪਹਿਲਾਂ ਦੀ ਤਰ੍ਹਾਂ ਹੀ ਭ੍ਰਿਸ਼ਟਾਚਾਰ ਜਾਰੀ ਹੈ। ਖਾਸ ਤੌਰ ਤੇ ਇੱਥੋਂ ਦੇ ਰੈਵਨਿਊ ਵਿਭਾਗ ਅਤੇ ਕਾਰਪੋਰੇਸ਼ਨ ‘ਚ ਬਹੁਤ ਵੱਡੀ ਪੱਧਰ ਤੇ ਹੋ ਰਿਹਾ ਭ੍ਰਿਸ਼ਟਾਚਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੁੱਖ ਮੰਤਰੀ ਨੂੰ ਲਿਖੇ ਪੱਤਰ ‘ਚ ਉਹਨਾਂ ਦੋਸ਼ ਲਾਇਆ ਕਿ ‘ਆਪ’ ਪਾਰਟੀ ਦੇ ਆਪ ਮੁਹਾਰੇ ਆਗੂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸ਼ਹਿ ਦੇ ਰਹੇ ਹਨ ਅਤੇ ਆਪਸੀ ਮਿਲੀਭੁਗਤ ਨਾਲ ਗਲਤ ਕੰਮ ਕੀਤੇ ਜਾ ਰਹੇ ਹਨ। ਆਪ ਮੁਹਾਰੇ ਆਗੂਆਂ ਦੀ ਸ਼ਹਿ ਤੇ ਕਈ ਭ੍ਰਿਸ਼ਟ ਅਫਸਰ ਗੈਰ ਕਾਨੂੰਨੀ ਨਕਸ਼ੇ ਪਾਸ ਕਰਾਉਣ ਅਤੇ ਐਨ.ਓ.ਸੀ. ਲੈ ਕੇ ਦੇਣ ਦੇ ਨਾਮ ‘ਤੇ ਸਰੇਆਮ ਰਿਸ਼ਵਤ ਵਸੂਲੀ ਕਰ ਰਹੇ ਹਨ। ਉਹਨਾਂ ਕਿਹਾ ਕਿ ਲੋਕ ਜਾਣਨਾ ਚਾਹੁੰਦੇ ਹਨ ਕਿ ਫਗਵਾੜਾ ਵਿਧਾਨਸਭਾ ਹਲਕੇ ‘ਚ ਤਾਇਨਾਤ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੌਰੀ ਦੀ ਖੁੱਲੀ ਛੂਟ ਕਿਉਂ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਪੱਤਰ ‘ਚ ਲਗਾਏ ਦੋਸ਼ਾਂ ਦੇ ਸਬੂਤ ਉਹਨਾਂ ਪਾਸ ਮੋਜੂਦ ਹਨ ਅਤੇ ਜੇਕਰ ਵਿਜੀਲੈਂਸ ਵਿਭਾਗ ਚਾਹੇ ਤਾਂ ਉਹ ਸਬੂਤ ਪੇਸ਼ ਵੀ ਕਰ ਸਕਦੇ ਹਨ। ਨਿਤਿਨ ਚੱਢਾ ਨੇ ਦੱਸਿਆ ਕਿ ਉਹਨਾਂ ਪੱਤਰ ਦੀਆਂ ਕਾਪੀਆਂ ਮੁੱਖ ਸਕੱਤਰ ਪੰਜਾਬ, ਡਾਇਰੈਕਟਰ ਵਿਜੀਲੈਂਸ ਵਿਭਾਗ ਪੰਜਾਬ ਤੋਂ ਇਲਾਵਾ ਕੇਂਦਰੀ ਏਜੰਸੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਭੇਜੀਆਂ ਹਨ।
ਤਸਵੀਰ ਸਮੇਤ।
