ਸੋਨੀਆ ਮਹੰਤ ਵਲੋਂ ਲਗਾਏ ਸਾਰੇ ਦੋਸ਼ ਬੇਬੁਨਿਯਾਦ ਅਤੇ ਡੂੰਘੀ ਸਾਜਿਸ਼ ਨਾਲ ਪ੍ਰੇਰਿਤ – ਜਯੋਤੀ ਮਹੰਤ
* ਡੇਰੇ ਤੇ ਕਬਜੇ ਦੀ ਨੀਯਤ ਨੂੰ ਦੱਸਿਆ ਕਾਰਣ
ਫਗਵਾੜਾ 11 ਅਪ੍ਰੈਲ ( DD PUNJAB ) ਦਰਬਾਰ ਸਾਬਰ ਦਾਤਾ ਅਲੀ ਅਹਿਮਦ ਸ਼ਾਹ ਜੀ ਸ਼ੀਲਾ ਮਹੰਤ ਸਾਬਰੀ ਭਗਤਪੁਰਾ ਫਗਵਾੜਾ ਦੇ ਗੱਦੀ ਨਸ਼ੀਨ ਜਯੋਤੀ ਮਹੰਤ ਨੇ ਸੋਨੀਆ ਮਹੰਤ ਵਲੋਂ ਬੀਤੇ ਦਿਨ ਲਗਾਏ ਗੰਭੀਰ ਦੋਸ਼ਾਂ ਨੂੰ ਬੇਬੁਨਿਯਾਦ ਅਤੇ ਡੂੰਘੀ ਸਾਜਿਸ਼ ਨਾਲ ਪ੍ਰੇਰਿਤ ਦੱਸਦਿਆਂ ਅੱਜ ਇੱਥੇ ਗੱਲਬਾਤ ਦੌਰਾਨ ਦੱਸਿਆ ਕਿ ਸੋਨੀਆ ਮਹੰਤ ਦਾ ਇਰਾਦਾ ਡੇਰੇ ਤੇ ਕਬਜਾ ਕਰਨਾ ਹੈ ਜਿਸਦੇ ਲਈ ਉਹ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਗੱਦੀ ਨਸ਼ੀਨ ਜਯੋਤੀ ਮਹੰਤ ਤੋਂ ਇਲਾਵਾ ਗੌਰੀ ਮਹੰਤ ਅਤੇ ਨਿਸ਼ਾ ਮਹੰਤ ਨੇ ਸੰਗਤ ਦੀ ਹਾਜਰੀ ਵਿਚ ਦੱਸਿਆ ਕਿ ਸ਼ੋਕੀ ਬਾਬਾ ਜੀ ਬਹੁਤ ਬਿਮਾਰ ਰਹਿੰਦੇ ਸਨ ਅਤੇ ਉਹ ਸਾਰੀ ਸੰਗਤ ਦੇ ਸਾਹਮਣੇ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਗਏ ਹਨ। ਉਹਨਾਂ ਦਾ ਜਨਾਜਾ ਵੀ ਸਾਰਿਆਂ ਦੇ ਸਾਹਮਣੇ ਪੜ੍ਹਿਆ ਗਿਆ ਸੀ। ਸਾਰਾ ਪ੍ਰੋਗਰਾਮ ਲਾਈਵ ਚੱਲਿਆ ਅਤੇ ਬਹੁਤ ਸਾਰੇ ਮੋਹਤਬਰ ਵਿਅਕਤੀ ਵੀ ਹਾਜਰ ਸਨ। ਜੇਕਰ ਕਿਸੇ ਨੂੰ ਕੋਈ ਸ਼ੰਕਾ ਸੀ ਤਾਂ ਉਸ ਸਮੇਂ ਕਿਉਂ ਨਹੀਂ ਬੋਲੇ ਅਤੇ ਹੁਣ ਕਈ ਮਹੀਨੇ ਬਾਅਦ ਉਹਨਾਂ ਦੀ ਮੌਤ ਨੂੰ ਲੈ ਕੇ ਸਵਾਲ ਖੜੇ ਕਰਨਾ ਬਿਲਕੁਲ ਵੀ ਜਾਇਜ ਨਹੀਂ ਹੈ। ਉਹਨਾਂ ਸ਼ੋਕੀ ਬਾਬਾ ਜੀ ਦੀ ਮੌਤ ਤੋਂ ਬਾਅਦ ਤਾਲੇ ਤੋੜ ਕੇ ਸੋਨਾ ਚੋਰੀ ਕਰਨ ਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਨੱਕਾਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੇ ਜੀਉਂਦੇ ਜੀਅ ਹੀ ਹਰ ਚੀਜ਼ ਦੀ ਵੰਡ ਕਰ ਦਿੱਤੀ ਸੀ ਅਤੇ ਸੋਨੀਆ ਮਹੰਤ ਨੂੰ ਉਸਦੇ ਹਿੱਸੇ ਦਾ ਸੋਨਾ ਦੇ ਦਿੱਤਾ ਸੀ। ਉਹਨਾਂ ਕਿਹਾ ਕਿ ਇਲਾਕਿਆਂ ਦੀ ਵੰਡ ਵੀ ਮਹੰਤ ਸ਼ੋਕੀ ਬਾਬਾ ਜੀ ਵਲੋਂ ਕਰ ਦਿੱਤੀ ਗਈ ਸੀ ਜਿਸਦੀ ਲਿਖਤ ਉਹਨਾਂ ਪਾਸ ਮੋਜੂਦ ਹੈ ਪਰ ਸੋਨੀਆ ਮਹੰਤ ਅਤੇ ਉਹਨਾਂ ਦੇ ਸਾਥੀ ਜਾਣਬੁੱਝ ਕੇ ਉਹਨਾਂ ਦੇ ਇਲਾਕੇ ਵਿਚ ਦਖਲ ਦਿੰਦੇ ਹਨ। ਸੋਨੀਆ ਮਹੰਤ ਵਲੋਂ ਕੁੱਟਮਾਰ ਦੇ ਲਗਾਏ ਦੋਸ਼ਾਂ ਬਾਰੇ ਕੀਤੇ ਸਵਾਲ ਤੇ ਉਹਨਾਂ ਕਿਹਾ ਕਿ ਸੋਨੀਆ ਮਹੰਤ ਦੇ ਸਾਥੀਆਂ ਨੇ ਉਹਨਾਂ ਦੇ ਇਲਾਕੇ ਵਿਚ ਘੁਸਪੈਠ ਕੀਤੀ ਸੀ ਜਿਸ ਤੋਂ ਰੋਕਿਆ ਤਾਂ ਉਹਨਾਂ ਨੇ ਗਾਲੀ ਗਲੋਚ ਸ਼ੁਰੂ ਕਰ ਦਿੱਤੀ ਅਤੇ ਜਾਤੀ ਸੂਚਕ ਸ਼ਬਦ ਵੀ ਕਹੇ। ਉਹਨਾਂ ਪੁਲਿਸ ਅਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸੋਨੀਆ ਮਹੰਤ ਅਤੇ ਉਸਦੇ ਸਾਥੀਆਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਵਾਰ-ਵਾਰ ਤੰਗ ਪ੍ਰੇਸ਼ਾਨ ਕਰਨ ਖਿਲਾਫ ਬਣਦੀ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
