ਮੌਲੀ ਰੇਲਵੇ ਫਾਟਕ ‘ਤੇ ਅੰਡਰ ਪਾਸ ਬਣਨ ਨਾਲ ਹੱਲ ਹੋਵੇਗੀ ਵੱਡੀ ਸਮੱਸਿਆ – ਸੁਲੱਖਣ ਸਿੰਘ ਸਰਪੰਚ/ਗੁਰਪਾਲ ਸਿੰਘ ਮੌਲੀ
* ਕੇਂਦਰ ਸਰਕਾਰ ਤੇ ਰੇਲ ਮੰਤਰਾਲੇ ਦਾ ਕੀਤਾ ਧੰਨਵਾਦ
ਫਗਵਾੜਾ 27 ਫਰਵਰੀ ( DD PUNJAB ) ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਵਲੋਂ ਫਗਵਾੜਾ ਰੇਲਵੇ ਸਟੇਸ਼ਨ ਦੇ ਆਧੂਨਿਕੀਕਰਣ ਅਤੇ ਸ਼ਹਿਰ ਦੇ ਤਿੰਨ ਪ੍ਰਮੁੱਖ ਰੇਲਵੇ ਫਾਟਕਾਂ ਉੱਪਰ ਅੰਡਰ ਪਾਸ ਬਣਾਏ ਜਾਣ ਦੇ ਕੀਤੇ ਐਲਾਨ ਦਾ ਸਵਾਗਤ ਕਰਦਿਆਂ ਸੁਲੱਖਣ ਸਿੰਘ ਸਰਪੰਚ ਮੌਲੀ ਨੇ ਅੱਜ ਇੱਥੇ ਗੱਲਬਾਤ ਦੌਰਾਨ ਸਮੂਹ ਇਲਾਕਾ ਨਿਵਾਸੀਆਂ ਵਲੋਂ ਕੇਂਦਰ ਸਰਕਾਰ ਅਤੇ ਰੇਲ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਮੌਲੀ ਸਾਈਡ ਦੇ ਪਿੰਡਾਂ ਦੇ ਵਸਨੀਕਾਂ ਨੂੰ ਵੱਡੀ ਰਾਹਤ ਮਿਲੇਗੀ। ਇਸ ਮੌਕੇ ਕਿਸਾਨ ਆਗੂ ਗੁਰਪਾਲ ਸਿੰਘ ਮੌਲੀ ਨੇ ਦੱਸਿਆ ਕਿ ਸਾਲ 2019 ਦੀਆਂ ਲੋਕਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਇਸ ਸਬੰਧੀ ਪੰਚਾਇਤ ਵਿਚ ਮਤਾ ਪਾ ਕੇ ਫਾਈਲ ਤਿਆਰ ਕਰਕੇ ਦਿੱਲੀ ਵਿਖੇ ਕੇਂਦਰੀ ਮੰਤਰੀ ਅਤੇ ਰੇਲ ਮੰਤਰਾਲੇ ਨੂੰ ਦਿੱਤੀ ਸੀ ਤੇ ਖੁਸ਼ੀ ਦੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਇਸ ਮੰਗ ਨੂੰ ਪਰਵਾਨ ਕੀਤਾ ਹੈ। ਉਹਨਾਂ ਕਿਹਾ ਕਿ ਇਹ ਇਲਾਕਾ ਇੰਡਸਟ੍ਰੀਅਲ ਹੱਬ ਹੋਣ ਕਰਕੇ ਜਿੱਥੇ ਪਿੰਡ ਦਾ ਵਿਕਾਸ ਹੋਵੇਗਾ ਉੱਥੇ ਹੀ ਉਦਯੋਗ ਵੀ ਲੱਗਣਗੇ ਕਿਉਂਕਿ ਪਹਿਲਾਂ ਫਾਟਕ ਦੇ ਅੜਿੱਕੇ ਕਾਰਨ ਇਸ ਸਾਈਡ ਤੇ ਉਦਯੋਗਪਤੀ ਇੰਡਸਟਰੀ ਲਗਾਉਣ ਤੋਂ ਗੁਰੇਜ ਕਰਦੇ ਸਨ। ਉਕਤ ਆਗੂਆਂ ਨੇ ਕਿਹਾ ਕਿ ਜੀਟੀ ਰੋਡ ਤੇ ਜਾਮ ਵਰਗੀ ਹਾਲਤ ਵਿਚ ਮੌਲੀ ਅੰਡਰ ਪਾਸ ਰਾਹੀਂ ਟਰੈਫਿਕ ਨੂੰ ਜਲੰਧਰ ਤੇ ਲੁਧਿਆਣਾ ਸਾਈਡ ਨੂੰ ਡਾਈਵਰਟ ਕਰਨ ਦੀ ਸੁਵਿਧਾ ਵੀ ਮਿਲੇਗੀ। ਉਹਨਾਂ ਭਰੋਸਾ ਜਤਾਇਆ ਕਿ ਅੰਡਰ ਪਾਸ ਦਾ ਕੰਮ ਇਸੇ ਸਾਲ ਪੂਰਾ ਕਰਕੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਜਾਵੇਗੀ।
