ਭਾਰਤ ਦੇ ਚੋਟੀ ਦੇ ਕਾਰੋਬਾਰੀਆਂ ਵਿਚੋਂ ਇੱਕ ਅਰਬਪਤੀ ਮੁਕੇਸ਼ ਅੰਬਾਨੀ ਲਈ ਬੁਰੀ ਖ਼ਬਰ ਹੈ। ਦਰਅਸਲ ਮੁਕੇਸ਼ ਅੰਬਾਨੀ ਦੁਨੀਆ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚੋਂ ਬਾਹਰ ਹੋ ਗਏ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਮੁਤਾਬਕ ਇਸ ਸੂਚੀ ‘ਚ ਮੁਕੇਸ਼ ਅੰਬਾਨੀ 11ਵੇਂ ਸਥਾਨ ‘ਤੇ ਆ ਗਏ ਹਨ। ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਮਾਰਕਿਟ ਕੈਪ ਦੇ ਲਿਹਾਜ਼ ਨਾਲ ਭਾਰਤ ਦੀ ਸਭ ਤੋਂ ਵੱਡੀ ਕੰਪਨੀ ਹੈ ਅਤੇ ਮੁਕੇਸ਼ ਅੰਬਾਨੀ ਇਸ ਦੇ ਮਾਲਕ ਹਨ। ਲੰਬੇ ਸਮੇਂ ਤੋਂ ਉਹ ਬਲੂਮਬਰਗ ਬਿਲੀਅਨੇਅਰ ਇੰਡੈਕਸ ਦੀ ਦੁਨੀਆ ਦੇ ਚੋਟੀ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਸ਼ਾਮਲ ਸੀ ਪਰ ਪਿਛਲੇ ਹਫ਼ਤੇ ਮੁਕੇਸ਼ ਅੰਬਾਨੀ ਦੀ ਦੌਲਤ ਵਿਚ ਕਮੀ ਆਉਣ ਕਾਰਨ ਉਹ ਇਸ ਵੱਕਾਰੀ ਸੂਚੀ ਤੋਂ ਬਾਹਰ ਹੋ ਗਏ ਹਨ। ਮੁਕੇਸ਼ ਅੰਬਾਨੀ ਦੀ ਇਸ ਸਮੇਂ ਕੁੱਲ ਜਾਇਦਾਦ 85.2 ਬਿਲੀਅਨ ਡਾਲਰ ਹੈ ਅਤੇ ਉਨ੍ਹਾਂ ਦੀ ਸੰਪਤੀ ਪਿਛਲੇ ਅੰਕੜੇ ਨਾਲੋਂ 778 ਮਿਲੀਅਨ ਡਾਲਰ ਘੱਟ ਗਈ ਹੈ। ਜੇਕਰ ਇਸ ਸਾਲ ਦੀ ਸਥਿਤੀ ‘ਤੇ ਨਜ਼ਰ ਮਾਰੀਏ ਤਾਂ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ‘ਚ 1.93 ਅਰਬ ਡਾਲਰ ਦੀ ਕਮੀ ਆਈ ਹੈ।
