ਗੁਜਰਾਤ ਵਿਧਾਨਸਭਾ ਚੋਣਾਂ ‘ਚ ਕੰਕਰੇਜ ਸੀਟ ‘ਤੇ ਆਪ ਵਲੰਟੀਆਂ ਦੀ ਚੋਣ ਪ੍ਰਚਾਰ ਮੁਹਿਮ ਜਾਰੀ
* ਗੁਜਰਾਤ ‘ਚ ਵੀ ‘ਆਪ’ ਰਚੇਗੀ ਇਤਿਹਾਸ – ਦਲਜੀਤ ਸਿੰਘ ਰਾਜੂ
ਫਗਵਾੜਾ 20 ਨਵੰਬਰ ( ਬਿਊਰੋ ) ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਟੀਮ ਵਲੋਂ ਦਲਜੀਤ ਸਿੰਘ ਰਾਜੂ ਦੀ ਅਗਵਾਈ ਹੇਠ ਗੁਜਰਾਤ ਵਿਧਾਨਸਭਾ ਚੋਣਾਂ ਦੌਰਾਨ ਬਨਾਸਕੰਠਾ ਜਿਲ੍ਹੇ ਦੇ ਕੰਕਰੇਜ ਵਿਧਾਨਸਭਾ ਹਲਕੇ ‘ਚ ਆਪ ਪਾਰਟੀ ਦੇ ਉਮੀਦਵਾਰ ਮੁਕੇਸ਼ ਭਾਈ ਠੱਕਰ ਦੇ ਹੱਕ ‘ਚ ਲਗਾਤਾਰ ਚੋਣ ਪ੍ਰਚਾਰ ਜਾਰੀ ਹੈ। ਦਲਜੀਤ ਸਿੰਘ ਰਾਜੂ ਨੇ ਮੋਬਾਇਲ ਫੋਨ ਰਾਹੀਂ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸੀਟ ਤੇ 2017 ਦੀਆਂ ਵਿਧਾਨਸਭਾ ਚੋਣਾਂ ਸਮੇਂ ਭਾਜਪਾ ਉਮੀਦਵਾਰ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ 8588 ਵੋਟਾਂ ਨਾਲ ਹਰਾਇਆ ਸੀ। ਪਰ ਇਸ ਵਾਰ ਗੁਜਰਾਤ ਦੇ ਵੋਟਰ ਬਦਲਾਅ ਦੇ ਮੂਡ ਵਿਚ ਹਨ। ਉਹਨਾਂ ਦੱਸਿਆ ਕਿ ਆਪ ਪਾਰਟੀ ਦੇ ਹੱਕ ਵਿਚ ਗੁਜਰਾਤੀ ਜਨਤਾ ਦਾ ਹੁੰਗਾਰਾ ਬਿਲਕੁਲ ਪੰਜਾਬ ਦੀ ਤਰ੍ਹਾਂ ਹੈ। ਇਸ ਵਾਰ ਗੁਜਰਾਤ ਵਿਚ ਵੀ ਆਮ ਆਦਮੀ ਪਾਰਟੀ ਰਿਕਾਰਡ ਜਿੱਤ ਪ੍ਰਾਪਤ ਕਰਕੇ ਨਵਾਂ ਇਤਿਹਾਸ ਰਚੇਗੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ‘ਚ ਆਪ ਦੀ ਜਿੱਤ 2024 ਦੀਆਂ ਲੋਕਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਰਾਹ ਤਿਆਰ ਕਰੇਗੀ। ਕੰਕਰੇਜ ਸੀਟ ਤੇ 5 ਦਸੰਬਰ ਨੂੰ ਵੋਟਾਂ ਪਾਈਆਂ ਜਾਣੀਆਂ ਹਨ। ਇਸ ਚੋਣ ਪ੍ਰਚਾਰ ਮੁਹਿਮ ‘ਚ ਦਲਜੀਤ ਸਿੰਘ ਰਾਜੂ ਦੇ ਨਾਲ ਅਵਤਾਰ ਸਿੰਘ ਸਰਪੰਚ ਪੰਡਵਾ, ਨਵਜਿੰਦਰ ਸਿੰਘ ਬਾਹੀਆ ਅਤੇ ਵਰੁਣ ਬੰਗੜ ਚੱਕ ਹਕੀਮ ਵਲੋਂ ਵੀ ਜੋਰਦਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ।
ਤਸਵੀਰ – ਗੁਜਰਾਤ ਦੀ ਕੰਕਰੇਜ ਸੀਟ ਤੋਂ ਆਪ ਉਮੀਦਵਾਰ ਮੁਕੇਸ਼ ਭਾਈ ਠੱਕਰ ਦੇ ਨਾਲ ਚੋਣ ਪ੍ਰਚਾਰ ਮੁਹਿਮ ‘ਚ ਹਿੱਸਾ ਲੈਂਦੇ ਹੋਏ ਦਲਜੀਤ ਸਿੰਘ ਰਾਜੂ ਦੇ ਨਾਲ ਅਵਤਾਰ ਸਿੰਘ ਪੰਡਵਾ, ਨਵਜਿੰਦਰ ਸਿੰਘ ਬਾਹੀਆ, ਵਰੁਣ ਬੰਗੜ ਅਤੇ ਹੋਰ।
