ਮਾਸੂਮ ਲੋਕਾਂ ਦੀ ਮੌਤ ਨੂੰ ਲੈ ਕੇ ਘਟੀਆ ਰਾਜਨੀਤੀ ਤੋਂ ਗੁਰੇਜ ਕਰਨ ਅਕਾਲੀ,ਬਸਪਾ ਆਗੂ – ਜੋਗਿੰਦਰ ਸਿੰਘ ਮਾਨ

पंजाब

* ਪੰਜਾਬ ਦੇ ਅਸਲ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਦੀ ਦਿੱਤੀ ਨਸੀਹਤ
ਫਗਵਾੜਾ 25 ਅਕਤੂਬਰ (  DD PUNJAB  ) ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਅਕਾਲੀਆਂ ਦੀ ਭਾਈਵਾਲ ਬਣੀ ਬਹੁਜਨ ਸਮਾਜ ਪਾਰਟੀ ਨੂੰ ਸਾਵਧਾਨ ਕੀਤਾ ਕਿ ਫਗਵਾੜਾ ਦੇ ਕੁੱਝ ਮੁਹੱਲਿਆਂ ‘ਚ ਡਾਇਰੀਆ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਘਟੀਆ ਰਾਜਨੀਤੀ ਨਾ ਕਰਨ। ਅੱਜ ਇੱਥੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਇਹ ਹੈਰਾਨੀਜਨਕ ਗੱਲ ਹੈ ਕਿ ਸਿਰਫ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਬਸਪਾ ਆਗੂ ਜਸਵੀਰ ਸਿੰਘ ਗੜ੍ਹੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਲੋਕਾਂ ਨੂੰ ਗੁਮਰਾਹ ਕਰਨ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨੂੰ ਸਨਸਨੀਖੇਜ ਬਣਾਉਣ ਲਈ ਬਸਪਾ ਆਗੂ ਨੇ ਮਰਨ ਵਾਲਿਆਂ ਦੀ ਗਿਣਤੀ 9 ਦੱਸੀ ਹੈ ਜਦਕਿ ਸਰਕਾਰੀ ਰਿਕਾਰਡ ਅਨੁਸਾਰ ਸਿਰਫ ਦੋ ਮੌਤਾਂ ਡਾਇਰੀਆ ਨਾਲ ਹੋਈਆਂ ਹਨ। ਮਾਨ ਨੇ ਕਿਹਾ ਕਿ ਬਸਪਾ ਆਗੂ ਦਾ ਮਹਿਜ ਸਸਤੀ ਸ਼ੌਹਰਤ ਹਾਸਲ ਕਰਨ ਲਈ ਗੈਰ-ਜਿੰਮੇਵਾਰਾਨਾ ਰਵੱਈਆ ਵਾਜਬ ਨਹੀਂ ਹੈ। ਉਹਨਾਂ ਨੇ ਕਿਹਾ ਕਿ ਬਸਪਾ ਆਗੂ ਪਾਰਟੀ ਦੇ ਸੂਬਾ ਪ੍ਰਧਾਨ ਹਨ ਅਤੇ ਇਸ ਤਰ੍ਹਾਂ ਦੇ ਕੱਦ ਵਾਲੇ ਨੇਤਾ ਨੂੰ ਸਿਆਸੀ ਲਾਭ ਲਈ ਅਜਿਹੀ ਹਰਕਤ ਨਹੀਂ ਕਰਨੀ ਚਾਹੀਦੀ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਚ ਉਚਿਤ ਧਿਆਨ ਦਿੱਤਾ ਜਾ ਰਿਹਾ ਹੈ। ਹਰੇਕ ਸਿਆਸੀ ਪਾਰਟੀ ਦਾ ਫਰਜ਼ ਹੈ ਕਿ ਫਗਵਾੜਾ ਵਾਸੀਆਂ ਨੂੰ ਇਸ ਮੁਸ਼ਕਲ ਦੌਰ ਵਿਚੋਂ ਬਾਹਰ ਕੱਢਣ ਲਈ ਰਾਜ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਜਾਵੇ। ਸਾਬਕਾ ਮੰਤਰੀ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਜਿਲ੍ਹਾ ਪ੍ਰਸ਼ਾਸਨ, ਨਗਰ ਨਿਗਮ ਅਤੇ ਸਿਹਤ ਵਿਭਾਗ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ। ਸਾਰੇ ਵਿਭਾਗ ਸੰਕਟ ਦੀ ਇਸ ਘੜੀ ਵਿੱਚ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰ ਰਹੇ ਹਨ। ਉਹਨਾਂ ਸੂਬਾ ਬਸਪਾ ਪ੍ਰਧਾਨ ਸਮੇਤ ਬਸਪਾ ਆਗੂਆਂ ਨੂੰ ਨਸੀਹਤ ਦਿੱਤੀ ਕਿ ਤੱਥਾਂ ਨੂੰ ਤੋੜ ਮਰੋੜ ਕੇ ਸਿਆਸੀ ਖੇਡਾਂ ਖੇਡਣ ਦੀ ਬਜਾਏ ਪੰਜਾਬ ਨਾਲ ਸਬੰਧਤ ਹੋਰ ਮੁੱਦਿਆਂ ਜਿਵੇਂ ਕਿ ਕਿਸਾਨਾਂ ਦਾ ਮੁੱਦਾ, ਪੈਟਰੋਲ ਅਤੇ ਡੀਜਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ, ਧਾਰਮਿਕ ਗ੍ਰੰਥਾਂ ਦੀਆਂ ਬੇਅਦਬੀਆਂ ਬਾਰੇ ਆਵਾਜ ਉਠਾਉਣ ਦਾ ਯਤਨ ਕਰਨ।
ਤਸਵੀਰ – ਫਗਵਾੜਾ ‘ਚ ਫੈਲੇ ਡਾਇਰੀਆ ਨਾਲ ਨਜਿੱਠਣ ਨੂੰ ਲੈ ਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ।

Leave a Reply

Your email address will not be published. Required fields are marked *