ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਰਾਣੀ ਸੋਢੀ ਨੇ ਵਧਾਈ ਸਰਗਰਮੀ, ਕੀ ਬਦਲਣ ਜਾ ਰਹੇ ਹਨ ਫਗਵਾੜਾ ਦੇ ਸਿਆਸੀ ਸਮੀਕਰਣ,

पॉलिटिक्स

* ਵੀਰਵਾਰ ਨੂੰ ਆਪਣੇ ਮਜ਼ਬੂਤ ਧੜੇ ਦੇ ਨਾਲ ਲੰਚ ਮੀਟਿੰਗ ਕਰਨ ਦੀ ਖਬਰ ਬਣੀ ਸਿਆਸੀ ਗਲਿਆਰਿਆਂ ਚ ਚਰਚਾ ਦਾ ਵਿਸ਼ਾ,ਫਗਵਾੜਾ ਕਾਂਗਰਸ ਦੇ ਬਦਲ ਸਕਦੇ ਨੇ ਸਮੀਕਰਨ
ਫਗਵਾੜਾ 6 ਅਕਤੂਬਰ ( ਬਿਊਰੋ ) ਆਲ ਇੰਡੀਆ ਕਾਂਗਰਸ ਕਮੇਟੀ ਮੈਂਬਰ ਬਲਵੀਰ ਰਾਣੀ ਸੋਢੀ ਦੇ ਦੁਬਾਰਾ ਰਾਜਨੀਤਿ ਵਿਚ ਸਰਗਰਮ ਹੋਣ ਦੀ ਖਬਰ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਬਣੀ ਰਹੀ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਵੀਰਵਾਰ ਨੂੰ ਰਾਣੀ ਸੋਢੀ ਨੇ ਸਹਿਯੋਗੀ ਕਾਂਗਰਸ ਆਗੂਆਂ ਨੂੰ ਲੰਚ ਮੀਟਿੰਗ ਦਾ ਸੱਦਾ ਦਿੱਤਾ ਹੈ। ਜਿੱਥੇ ਫਗਵਾੜਾ ਦੇ ਸਿਆਸੀ ਹਾਲਾਤਾਂ ਬਾਰੇ ਚਰਚਾ ਹੋਣਾ ਵੀ ਤੈਅ ਹੈ। ਜਿਕਰਯੋਗ ਹੈ ਕਿ ਫਗਵਾੜਾ ਵਿਧਾਨਸਭਾ ਸੀਟ ਲਈ ਸਾਲ 2019 ‘ਚ ਹੋਈ ਜਿਮਨੀ ਚੋਣ ਦੌਰਾਨ ਉਸ ਸਮੇਂ ਜਿਲ੍ਹਾ ਕਪੂਰਥਲਾ ਕਾਂਗਰਸ ਪ੍ਰਧਾਨ ਦੀ ਹੈਸੀਅਤ ਨਾਲ ਬਲਵੀਰ ਰਾਣੀ ਸੋਢੀ ਨੂੰ ਫਗਵਾੜਾ ਸੀਟ ਤੋਂ ਟਿਕਟ ਦੀ ਮਜਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਉਸ ਸਮੇਂ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਨਵੇਂ ਚਿਹਰੇ ਦੇ ਰੂਪ ਵਿਚ ਆਪਣੇ ਵਿਸ਼ਵਾਸ ਪਾਤਰ ਆਈ.ਏ.ਐਸ. ਅਧਿਕਾਰੀ ਬਲਵਿੰਦਰ ਸਿੰਘ ਧਾਲੀਵਾਲ ਨੂੰ ਉਮੀਦਵਾਰ ਐਲਾਨ ਦਿੱਤਾ ਜਿਸ ਤੋਂ ਨਾਰਾਜ ਹੋ ਕੇ ਸ੍ਰੀਮਤੀ ਸੋਢੀ ਨੇ ਸਰਗਰਮ ਰਾਜਨੀਤੀ ਤੋਂ ਦੂਰੀ ਬਣਾ ਲਈ ਸੀ। ਹੁਣ ਜਦਕਿ ਪੰਜਾਬ ਦੀ ਸੱਤਾ ‘ਚ ਬਦਲਾਅ ਆਇਆ ਹੈ ਅਤੇ ਕੈਪਟਨ ਦੀ ਕੁਰਸੀ ਉਪਰ ਬਤੌਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਰਾਜਮਾਨ ਹਨ ਤਾਂ ਰਾਣੀ ਸੋਢੀ ਦਾ ਸਿਆਸੀ ਸਰਗਰਮੀਆਂ ਤੇਜ ਕਰਨਾ ਸ਼ਹਿਰ ਦੀ ਸਿਆਸਤ ‘ਚ ਵੀ ਬਦਲਾਅ ਦਾ ਸੰਕੇਤ ਦਿੰਦਾ ਹੈ। ਦਸਦੇ ਚੱਲੀਏ ਕਿ ਚਰਨਜੀਤ ਸਿੰਘ ਚੰਨੀ ਨਾਲ ਸ੍ਰੀਮਤੀ ਰਾਣੀ ਸੋਢੀ ਦੇ ਪਤੀ ਬਲਵੀਰ ਰਾਜਾ ਸੋਢੀ ਦੀ ਕਾਫੀ ਨੇੜਤਾ ਰਹੀ ਹੈ ਅਤੇ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਜੋ ਕਿ ਚੰਨੀ ਕੈਬਿਨੇਟ ਵਿਚ ਮੰਤਰੀ ਬਣ ਚੁੱਕੇ ਹਨ, ਉਹ ਵੀ ਸੋਢੀ ਪਰਿਵਾਰ ਦੇ ਕਾਫੀ ਨਜਦੀਕ ਹਨ ਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਸਮੇਂ ਫਗਵਾੜਾ ਵਿਧਾਨਸਭਾ ਸੀਟ ਤੋਂ ਉਮੀਦਵਾਰ ਦੀ ਚੋਣ ‘ਚ ਰਾਣਾ ਗੁਰਜੀਤ ਸਿੰਘ ਦੀ ਅਹਿਮ ਭੂਮਿਕਾ ਰਹੇਗੀ। ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਦਾਅਵੇਦਾਰੀ ਨਵਜੋਤ ਸਿੱਧੂ ਵਲੋਂ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਬਾਅਦ ਕਮਜੋਰ ਹੋਈ ਹੈ। ਹੁਣ ਸਵਾਲ ਇਹ ਹੈ ਕਿ ਰਾਣੀ ਸੋਢੀ ਮਾਨ ਅਤੇ ਧਾਲੀਵਾਲ ਦੇ ਮੁਕਾਬਲੇ ਹਾਈਕਮਾਂਡ ਦੇ ਸਾਹਮਣੇ ਆਪਣੇ ਆਪ ਨੂੰ ਤੀਸਰੇ ਬਦਲ ਵਜੋਂ ਪੇਸ਼ ਕਰਨ ਜਾ ਰਹੇ ਹਨ? ਜੇਕਰ ਇਹ ਗੱਲ ਸਹੀ ਹੈ ਤਾਂ ਕੀ ਹਾਈਕਮਾਂਡ ਉਹਨਾਂ ਦੀ ਦਾਅਵੇਦਾਰੀ ਨੂੰ ਐਂਤਕੀ ਪ੍ਰਵਾਨ ਕਰੇਗੀ? ਅਜਿਹੇ ਅਨੇਕਾਂ ਸਵਾਲਾਂ ਦੇ ਜਵਾਬ ਲੈਣ ਲਈ ਹਾਲੇ ਥੋੜਾ ਇੰਤਜ਼ਾਰ ਕਰਨਾ ਹੋਵੇਗਾ।

Leave a Reply

Your email address will not be published. Required fields are marked *