ਪੰਜਾਬ ਕਾਂਗਰਸ ਨੂੰ ਮਜਬੂਤ ਕਰਨ ਲਈ ਦਲਿਤਾਂ ਨੂੰ ਪਾਰਟੀ ਤੇ ਸਰਕਾਰ ‘ਚ ਬਣਦਾ ਹੱਕ ਮਿਲੇ : ਜੋਗਿੰਦਰ ਸਿੰਘ ਮਾਨ

पॉलिटिक्स

ਪੰਜਾਬ ਕਾਂਗਰਸ ਨੂੰ ਮਜਬੂਤ ਕਰਨ ਲਈ ਦਲਿਤਾਂ ਨੂੰ ਪਾਰਟੀ ਤੇ ਸਰਕਾਰ ‘ਚ ਬਣਦਾ ਹੱਕ ਮਿਲੇ : ਜੋਗਿੰਦਰ ਸਿੰਘ ਮਾਨ
* ਨਵਜੋਤ ਸਿੱਧੂ ਨਾਲ ਜਲੰਧਰ ‘ਚ ਹੋਈ ਮੀਟਿੰਗ ਦੌਰਾਨ ਦਿੱਤੀ ਸਲਾਹ
ਜਲੰਧਰ  /ਫਗਵਾੜਾ 29 ਜੁਲਾਈ ( ਬਿਊਰੋ  ) ਪੰਜਾਬ ਦੇ ਸਾਬਕਾ ਮੰਤਰੀ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦਿੱਤੀ ਕਿ ਕਾਂਗਰਸ ਨੂੰ ਮਜਬੂਤ ਕਰਨ ਲਈ ਦਲਿਤਾਂ ਨੂੰ ਪਾਰਟੀ ਤੇ ਸਰਕਾਰ ‘ਚ ਬਣਦਾ ਹਕ ਮਿਲਣਾ ਚਾਹੀਦਾ ਹੈ। ਬੈਠਕ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਦੀ ਕਰੀਬ 40 ਫ਼ੀਸਦੀ ਵਸੋਂ ਦਲਿਤਾਂ ਦੀ ਹੈ ਅਤੇ ਉਹਨਾਂ ਨੂੰ ਅੱਖੋਂ-ਪਰੋਖੇ ਕਰਕੇ ਕਾਂਗਰਸ ਪਾਰਟੀ ਸੂਬੇ ਵਿਚ ਕਦੇ ਵੀ ਮਜ਼ਬੂਤ ਨਹੀਂ ਹੋ ਸਕਦੀ। ਉਹਨਾਂ ਸਾਫ ਤੌਰ ਤੇ ਕਿਹਾ ਕਿ ਦਲਿਤਾਂ ਦੀ ਕਾਂਗਰਸ ਪਾਰਟੀ ਪ੍ਰਤੀ ਉਦਾਸੀਨਤਾ  ਆਉਣ ਵਾਲੇ ਦਿਨਾਂ ਵਿਚ ਕਾਂਗਰਸ ਨੂੰ ਮਹਿੰਗੀ ਪੈ ਸਕਦੀ ਹੈ। ਸਾਬਕਾ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਦਲਿਤਾਂ ਨੂੰ ਪਾਰਟੀ ਤੇ ਸਰਕਾਰ ਵਿਚ ਬਣਦਾ ਹੱਕ ਮਿਲਣਾ ਚਾਹੀਦਾ ਹੈ। ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੇ ਮੁਬਾਰਕਬਾਦ ਦਿੰਦਿਆਂ ਉਹਨਾਂ ਕਿਹਾ ਕਿ ਇਹ ਇਕ ਇਤਿਹਾਸਿਕ ਫੈਸਲਾ ਹੈ ਜਿਸ ਦੀ ਹਰ ਕਾਂਗਰਸ ਆਗੂ ਤੇ ਕਾਰਕੁੰਨ ਸ਼ਲਾਘਾ ਕਰਦਾ ਹੈ। ਉਹਨਾਂ ਕਿਹਾ ਕਿ ਸਿੱਧੂ ਦੀ ਨਿਯੁਕਤੀ ਨਾਲ ਪੰਜਾਬ ਕਾਂਗਰਸ ਵਿਚ ਇਕ ਨਵੀਂ ਰੂਹ ਦਾ ਸੰਚਾਰ ਹੋਇਆ ਹੈ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਲਈ ਸ਼ੁੱਭ ਸੰਕੇਤ ਹੈ। ਉਹਨਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਕਾਂਗਰਸ 2022 ਵਿਚ ਮੁੜ ਸੂਬੇ ਦੀ ਸੱਤਾ ਵਿਚ ਸ਼ਾਨਦਾਰ ਵਾਪਸੀ ਕਰੇਗੀ। ਮਾਨ ਨੇ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਹਰ ਕਾਂਗਰਸੀ ਕਾਰਕੁੰਨ ਆਪਣੇ ਆਪ ਨੂੰ ਪੰਜਾਬ ਦਾ ਪ੍ਰਧਾਨ ਮੰਨਦਾ ਹੈ ਜੋ ਕਿ ਪੰਜਾਬ ਦੇ ਇਤਿਹਾਸ ਦਾ ਇਕ ਨਵਾਂ ਪੜਾਅ ਹੈ। ਉਹਨਾਂ ਕਿਹਾ ਕਿ ਸਿੱਧੂ ਨੇ ਹਮੇਸ਼ਾ ਪੰਜਾਬ ਦੇ ਹਿਤਾਂ ਲਈ ਆਵਾਜ਼ ਬੁਲੰਦ ਕੀਤੀ ਹੈ ਜੋ ਕਿ ਪੰਜਾਬ ਤੇ ਪੰਜਾਬੀਆਂ ਲਈ ਇਕ ਨਵੀਂ ਮਿਸਾਲ ਹੈ। ਸਿੱਧੂ ਦੀ ਅਗਵਾਈ ‘ਚ ਪੰਜਾਬ ਦਾ ਹਰ ਕਾਂਗਰਸੀ ਕਾਰਕੁੰਨ ਜੀਅ ਜਾਨ ਨਾਲ ਪੰਜਾਬ ‘ਚ ਮੁੜ ਕਾਂਗਰਸ ਸਰਕਾਰ ਬਣਾਉਣ ਲਈ ਕਾਰਜਸ਼ੀਲ ਹੋਏਗਾ।

Leave a Reply

Your email address will not be published. Required fields are marked *